• Home
  • ਅੰਤਰਰਾਸ਼ਟਰੀ
  • ਅਮਰੀਕਾ : ਕਾਰਨੀ ਪਾਰਕ ‘ਚ ‘ਤੀਆਂ ਫਰਿਜ਼ਨੋ ਦੀਆਂ’ ਨੇ ਬੰਨ੍ਹਿਆ ਰੰਗ
ਅੰਤਰਰਾਸ਼ਟਰੀ ਅਮਰੀਕਾ ਵਿਸ਼ੇਸ਼

ਅਮਰੀਕਾ : ਕਾਰਨੀ ਪਾਰਕ ‘ਚ ‘ਤੀਆਂ ਫਰਿਜ਼ਨੋ ਦੀਆਂ’ ਨੇ ਬੰਨ੍ਹਿਆ ਰੰਗ

ਸੈਂਟਰਲ ਵੈਲੀ ਕੈਲੀਫੋਰਨੀਆ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਭਰਪੂਰ ਵਸੋਂ ਹੋਣ ਕਰਕੇ ਕਿਸੇ ਜਾਣਕਾਰੀ ਦਾ ਮੁਹਤਾਜ ਨਹੀਂ। ਬੇਸ਼ੱਕ ਪੰਜਾਬ ‘ਚੋਂ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ ਪਰ ਇੱਥੇ ਪਿਛਲੇ 22 ਸਾਲਾਂ ਤੋਂ ਵਧੀਕ ਸਮਾਂ ਪਹਿਲਾਂ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ ਅਤੇ ਸੁਖਮਿੰਦਰ ਮਾਨ ਨੇ ਸਮੂਹ ਪੰਜਾਬੀ ਔਰਤਾਂ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁੱਲ੍ਹੇ ’ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸ਼ੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਅੱਜ ਪਿੱਪਲਾਂ ਜਾਂ ਬਰੋਟਿਆਂ ਦੀ ਛਾਂ ਨਹੀਂ ਹੈ ਪਰ ਹੋਰ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਹਰ ਸਾਲ ਲੱਗਦੀਆਂ ਹਨ, ਜਿਨ੍ਹਾਂ ਵਿੱਚ ਮਰਦਾਂ ਨੂੰ ਆਉਣ ਦੀ ਹਮੇਸ਼ਾ ਹੀ ਮਨਾਹੀ ਹੁੰਦੀ ਹੈ। ਇਹ ਗੱਲ ਬੜੇ ਮਾਣ ਵਾਲੀ ਹੈ ਕਿ ਫਰਿਜ਼ਨੋ ਦੀਆਂ ਤੀਆਂ ਉਸੇ ਤਰ੍ਹਾਂ ਖੁੱਲ੍ਹੀਆਂ ਗਰਾਉਂਡਾਂ ਵਿੱਚ ਰਿਵਾਇਤੀ ਤਰੀਕੇ ਨਾਲ ਲੱਗੀਆਂ। ਵੱਖ-ਵੱਖ ਸ਼ਹਿਰਾਂ ਤੋਂ ਬੀਬੀਆਂ-ਭੈਣਾਂ ਨੇ ਵੱਖ-ਵੱਖ ਗਰੁੱਪਾਂ ਵਿੱਚ ਗੀਤ ਗਾ ਕੇ ਗਿੱਧੇ ਦੇ ਮੁਕਾਬਲੇ ਕੀਤੇ। ਇਸ ਸਾਲ ਤੀਆਂ ਦੌਰਾਨ ਪੰਜਾਬੀ ਔਰਤਾਂ ਤੋਂ ਇਲਾਵਾ ਅਮਰੀਕਨ ਮੂਲ ਦੀਆਂ ਔਰਤਾਂ ਨੇ ਵੀ ਸ਼ਿਰਕਤ ਕੀਤੀ। ਇਨ੍ਹਾਂ ਤੀਆਂ ਦੌਰਾਨ ਸਮਾਪਤੀ ‘ਤੇ ਪਾਈ ਗਈ ਬੱਲੋਂ ਵੀ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀ ਸੀ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾਂ ਦੀਆਂ ਰੰਗ-ਬਰੰਗੀਆਂ ਪੁਸ਼ਾਕਾਂ, ਲਹਿੰਗੇ ਅਤੇ ਘੱਗਰੇ ਪੰਜਾਬੀਅਤ ਦੇ ਮਹੌਲ ਨੂੰ ਹੋਰ ਵੀ ਰੰਗੀਨ ਬਣਾ ਰਹੇ ਸਨ। ਤੀਆਂ ਦੌਰਾਨ ਪ੍ਰਬੰਧਕਾਂ ਵੱਲੋਂ ਸਮਾਪਤੀ ‘ਤੇ ਖੁੱਲ੍ਹੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇੱਥੇ ‘ਇੰਡੀਅਨ ਅਵਨ’ ਰੈਸਟੋਰੈਂਟ ਵੱਲੋਂ ਕਈ ਤਰ੍ਹਾਂ ਦੇ ਖਾਣਿਆਂ ਦੇ ਸਟਾਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਅਜੋਕੇ ਸਮੇਂ ਅੰਦਰ ਲੋੜ ਹੈ ਅਜਿਹੇ ਤਿਉਹਾਰਾਂ ਨੂੰ ਰਿਵਾਇਤੀ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਰਾਜਪਾਲ ਕੌਰ ਬਰਾੜ, ਗੁੱਡੀ ਸਿੱਧੂ, ਸੁਖਮਿੰਦਰ ਕੌਰ ਮਾਨ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਂਦਾ ਹੈ।

Related posts

ਅਮਰੀਕੀ ਮੰਤਰੀਆਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾਣਗੀਆਂ : ਐਦਰੋਗਨ

admin

ਦੱਖਣੀ ਕੋਰੀਆ ਦੇ ਸੀਨੀਅਰ ਨੇਤਾ ਮ੍ਰਿਤਕ ਪਾਏ ਗਏ, ਖੁਦਕੁਸ਼ੀ ਕਰਨ ਦਾ ਸ਼ੱਕ

admin

2020 ਚੋਣਾਂ ਲਈ ਟਰੰਪ ਨਵਾਂ ਜੰਗੀ ਖੇਤਰ ਕਰ ਰਹੇ ਹਨ ਤਿਆਰ

admin

Leave a Comment

Login

X

Register